ਈਦ ‘ਤੇ ਪਾਕਿ ਦੀ ਗੋਲੀਬਾਰੀ ‘ਚ ਜਵਾਨ ਸ਼ਹੀਦ

0
Youth, Martyrs, Pakistan, Firing, Eid

ਪੁਲਵਾਮਾ ਤੇ ਅਨੰਤਨਾਗ ‘ਚ ਵੀ ਸੁਰੱਖਿਆ ਬਲਾਂ ਨਾਲ ਝੜਪ

ਇਨ੍ਹਾਂ ਝੜਪਾਂ ‘ਚ ਸੁਰੱਖਿਆ ਬਲਾਂ ਦੇ ਕਈ ਜਵਾਨ ਤੇ ਪ੍ਰਦਰਸ਼ਨਕਾਰੀ ਜ਼ਖ਼ਮੀ

ਸ੍ਰੀਨਗਰ, ਏਜੰਸੀ

ਪਾਕਿਸਤਾਨ ਈਦ ਮੌਕੇ ਵੀ ਆਪਣੀਆਂ ‘ਨਾਪਾਕ’ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਉਸਨੇ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐਲਓਸੀ) ਕੋਲ ਨੌਸ਼ੇਰਾ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ।   ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ ਤੋਂ ਲਗਭਗ ਸੱਤ ਸੌ ਮੀਟਰ ਅੰਦਰ ਭਾਰਤ ਦੀ ਹੱਦ ‘ਚ ਫੌਜ ਦੀ ਗਸ਼ਤੀ ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ, ਗੋਲੀਬਾਰੀ ‘ਚ ਜਵਾਨ ਵਿਕਾਸ ਗੁਰੂੰਗ (21) ਗੰਭੀਰ ਜ਼ਖਮੀ ਹੋ ਗਿਆ ਤੇ ਬਾਅਦ ‘ਚ ਉਸ ਨੇ ਦਮ ਤੋੜ ਦਿੱਤਾ। ਜੰਮੂ ਕਸ਼ਮੀਰ ‘ਚ  ਅੱਜ ਈਦ ਦੀ ਨਮਾਜ ਅਦਾ ਕਰਨ ਤੋਂ ਬਾਅਦ ਸ੍ਰੀਨਗਰ, ਅਨੰਤਨਾਗ ਤੇ ਪੁਲਵਾਮਾ ‘ਚ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪਾਂ ਹੋਈਆਂ ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਆਸ਼ਾਜੀਪੁਰਾ ‘ਚ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕੀਤੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਲਾਠੀਚਾਰਜ਼ ਕੀਤਾ ਤੇ ਹੰਝੂ ਗੈਸ ਦੇ ਗੋਲੇ ਛੱਡੇ ਜ਼ਖਮੀ ਹੋਏ ਪ੍ਰਦਰਸ਼ਨਕਾਰੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਸ਼ੇਰਾਜ ਅਹਿਮਦ ਨਾਈਕੂ (18) ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਅਨੁਸਾਰ ਸ਼ੇਰਾਜ ਨੂੰ ਚਿਹਰੇ, ਗਰਦਨ ਤੇ ਛਾਤੀ ‘ਤੇ ਗੰਭੀਰ ਸੱਟਾਂ ਆਈਆਂ ਸਨ। ਸ੍ਰੀਨਗਰ ਦੇ ਪੁਰਾਣੇ ਸ਼ਹਿਰ ‘ਚ ਈਦ ਦਾ ਨਮਾਜ ਅਦਾ ਕਰਨ ਦੇ ਤੁਰੰਤ ਬਾਅਦ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰਾਜੌਰੀ ਕਦਾਲ ਤੇ ਨਾਲਾਹਮਾਰ ‘ਚ ਨਾਅਰੇਬਾਜ਼ੀ ਕੀਤੀ। ਅੱਗੇ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਬਲਾਂ ਤੇ ਪੁਲਿਸ ਦੇ ਜਵਾਨਾਂ ਨੇ ਜਦੋਂ ਰੋਕਿਆ ਤਾਂ ਉਹ ਪੱਥਰਬਾਜ਼ੀ ਕਰਨ ਲੱਗੇ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਇੱਧਰ-ਓਧਰ ਕਰਨ ਲਈ ਸੁਰੱਖਿਆ ਬਲਾਂ ਨੇ ਲਾਠੀਚਾਰਜ਼ ਕੀਤਾ ਤੇ ਹੰਝੂ ਗੈਸ ਦੇ ਗੋਲੇ ਛੱਡ।ੇ ਇਸ ਤਰ੍ਹਾਂ ਪੁਲਵਾਮਾ ਤੇ ਅਨੰਤਨਾਗ ਤੋਂ ਝੜਪਾਂ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਝੜਪਾਂ ‘ਚ ਸੁਰੱਖਿਆ ਬਲਾਂ ਦੇ ਕਈ ਜਵਾਨਾਂ ਤੇ ਪ੍ਰਦਰਸ਼ਨਕਾਰੀਆਂ ਜ਼ਖਮੀ ਹੋਏ ਹਨ।

ਘੁਸਪੈਠ ਦੀ ਫਿਰਾਕ ‘ਚ 450 ਅੱਤਵਾਦੀ

ਜੰਮੂ-ਕਸ਼ਮੀਰ ‘ਚ 450 ਅੱਤਵਾਦੀ ਘੁਸਪੈਠ ਦੀ ਤਿਆਰੀ ‘ਚ ਹਨ। ਇਹ ਖੁਲਾਸਾ ਖੁਫ਼ੀਆ ਰਿਪੋਰਟ ‘ਚ ਹੋਇਆ ਹੈ। ਰਿਪੋਰਟ ਅਨੁਸਾਰ ਕਸ਼ਮੀਰ ‘ਚ ਤਬਾਹੀ ਮਚਾਉਣ ਲਈ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਲਸ਼ਕਰ ਤੇ ਜੈਸ਼-ਏ ਮੁਹੰਮਦ ਦੇ 450 ਅੱਤਵਾਦੀ ਨੂੰ ‘ਪੀਓਕੇ’ ਦੇ ਲਾਂਚ ਪੈਡ ‘ਤੇ ਇਕੱਠਾ ਕੀਤਾ ਹੈ। ਸੂਤਰਾਂ ਅਨੁਸਾਰ ਘੁਸਪੈਠ ਲਈ 11 ਨਵੇਂ ਲਾਂਚ ਪੈਡ ਵੀ ਸਰਗਰਗ ਕੀਤੇ ਗਏ ਹਨ।

ਔਰੰਗਜ਼ੇਬ ਦੇ ਪਿਤਾ ਬੋਲੇ, ਫੌਜ 32 ਘੰਟਿਆਂ ‘ਚ ਲਵੇ ਬਦਲਾ, ਨਹੀਂ ਤਾਂ ਮੈਂ ਤਿਆਰ ਹਾਂ

ਜੰਮੂ ਫੌਜ ਦੇ ਜਵਾਨ ਔਰੰਗਜ਼ੇਬ ਦਾ ਅੱਜ ਈਦ ਦੇ ਦਿਨ ਪੁੰਛ ‘ਚ ਉਨ੍ਹਾਂ ਦੇ ਪਿੰਡ ਸਲਾਮੀ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੁੱਤਰ ਦੀ ਮੌਤ ਤੋਂ ਦੁਖੀ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ ਨੇ ਕਿਹਾ ਕਿ ਫੌਜ 32 ਘੰਟਿਆਂ ‘ਚ ਉਨ੍ਹਾਂ ਦੀ ਸ਼ਹਾਦਤ ਦਾ ਬਦਲਾ ਲਵੇ ਤੇ ਬੇਸ਼ਰਮ ਪਾਕਿਸਤਾਨ ਨੂੰ ਸਬਕ ਸਿਖਾਏ ਨਹੀਂ ਤਾਂ ਉਹ ਖੁਦ ਇਸ ਲਈ ਤਿਆਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।